ਲੁਧਿਆਣਾ 10 ਨਵੰਬਰ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਚਲ ਰਹੇ ਸਲਾਨਾ ਯੁਵਕ ਮੇਲੇ ਦੇ ਤੀਸਰੇ ਦਿਨ ਅੱਜ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਲੋਕ ਕਲਾ ਦੇ ਪ੍ਰਦਰਸ਼ਨ ਰਾਹੀਂ ਮਨ ਮੋਹ ਲਿਆ। ਅੱਜ ਇਨੂੰ ਬਣਾਉਣ, ਨਾਲੇ ਬੁਣਨ, ਮਿੱਟੀ ਦੇ ਖਿਡੌਣੇ ਬਣਾਉਣ, ਛਿੱਕੂ ਬਣਾਉਣ ਅਤੇ ਪੀੜ੍ਹੀ ਬੁਣਨ ਦੇ ਨਾਲ ਨਾਲ ਕਰੋਸ਼ੀਆ, ਮੁਹਾਵਰੇਦਾਰ ਵਾਰਤਾਲਾਪ ਅਤੇ ਕਵੀਸ਼ਰੀ ਦੇ ਮੁਕਾਬਲੇ ਆਯੋਜਿਤ ਕੀਤੇ ਗਏ।
ਵੱਖ ਵੱਖ ਖੇਤਰਾਂ ਦੇ ਮਾਹਿਰ ਵਿਦਵਾਨਾਂ ਨੇ ਜੱਜਮੈਂਟ ਦੀ ਭੂਮਿਕਾ ਅਦਾ ਕਰਦਿਆਂ ਵਿਦਿਆਰਥੀਆਂ ਵਲੋਂ ਪ੍ਰਦਰਸ਼ਿਤ ਕਲਾ ਵੰਨਗੀਆਂ ਦੀ ਸ਼ਲਾਘਾ ਕੀਤੀ। ਸਟੂਡੈਂਟਸ ਹੋਮ ਦੇ ਆਸ ਪਾਸ ਯੁਵਕ ਮੇਲੇ ਦੇ ਆਯੋਜਨ ਲਈ ਉਸਾਰੇ ਗਏ ਮਾਹੌਲ ਨੇ ਸਮੁੱਚੇ ਪੀ ਏ ਯੂ ਕੈਂਪਸ ਨੂੰ ਕਲਾਤਮਕ ਰੰਗਣ ਵਿਚ ਰੰਗ ਦਿੱਤਾ।
ਅੱਜ ਦੇ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਡਾ ਗੁਰਸ਼ਰਨ ਜੀਤ ਸਿੰਘ ਸੰਧੂ ਨੇ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਬਾਰੇ ਖੁਸ਼ੀ ਭਰੀ ਹੈਰਾਨੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਖੇਤੀ ਖੋਜ ਰਾਹੀਂ ਦੇਸ਼ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਦੇ ਨਾਲ ਨਾਲ ਸੱਭਿਆਚਾਰਕ ਮੁੱਲਾਂ ਦੀ ਪੈਰਵੀ ਕੀਤੀ ਹੈ। ਯੂਨੀਵਰਸਿਟੀ ਨੇ ਕਲਾ ਅਤੇ ਸੱਭਿਆਚਾਰ ਨੂੰ ਬੜੇ ਉੱਘੇ ਨਾਂ ਦਿੱਤੇ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਆਪਣੀ ਵਿਰਾਸਤ ਦੀ ਸੰਭਾਲ ਲਈ ਵਿਸ਼ੇਸ਼ ਯਤਨ ਕਰਦੇ ਰਹਿਣ।
ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਤਸ਼ਾਹ ਲਈ ਸ਼ਾਬਾਸ਼ ਕਿਹਾ। ਉਨ੍ਹਾਂ ਕਿਹਾ ਕਿ ਰਵਾਇਤੀ ਕਲਾ ਦੀ ਸੰਭਾਲ ਅਤੇ ਅਗਲੀਆਂ ਪੀੜ੍ਹੀਆਂ ਤਕ ਇਨ੍ਹਾਂ ਦੇ ਪਸਾਰ ਲਈ ਕਲਾ ਨਾਲ ਜੁੜੇ ਲੋਕਾਂ ਦਾ ਯੋਗਦਾਨ ਬੜਾ ਅਹਿਮ ਹੁੰਦਾ ਹੈ। ਡਾ ਗੋਸਲ ਨੇ ਇਸ ਗੱਲ ਉੱਪਰ ਤਸੱਲੀ ਪ੍ਰਗਟਾਈ ਕਿ ਯੂਨੀਵਰਸਿਟੀ ਵੱਲੋਂ ਸੱਭਿਆਚਾਰ ਅਤੇ ਵਿਰਸੇ ਦੇ ਰੱਖ ਰਖਾਵ ਦੇ ਯਤਨਾਂ ਨੂੰ ਮੌਜੂਦਾ ਵਿਦਿਆਰਥੀਆਂ ਨੇ ਹੁੰਘਾਰਾ ਦਿੱਤਾ ਹੈ।
ਸਵੇਰ ਦੇ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵਜੋਂ ਖੇਤੀਬਾੜੀ ਕਾਲਜ ਦੇ ਡੀਨ ਡਾ ਚਰਨਜੀਤ ਸਿੰਘ ਔਲਖ ਅਤੇ ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ ਕਿਰਨ ਬੈਂਸ ਸ਼ਾਮਿਲ ਹੋਏ। ਦੋਵਾਂ ਉੱਚ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਬਿਨਾਂ ਜਿੱਤ ਹਾਰ ਦੀ ਚਿੰਤਾ ਕੀਤੇ ਅਨੁਸ਼ਾਸਨ ਨਾਲ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਸਵਾਗਤ ਦੇ ਸ਼ਬਦ ਕਹਿੰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਜੋਸ਼ ਖਰੋਸ਼ ਦੀ ਸਿਫ਼ਤ ਕੀਤੀ। ਉਨ੍ਹਾਂ ਕਿਹਾ ਕਿ ਵਿਗਿਆਨ ਦੀ ਸੰਸਥਾ ਹੋਣ ਦੇ ਬਾਵਜੂਦ ਸਾਡੇ ਕਲਾਕਾਰਾਂ ਨੇ ਗਾਹੇ ਬਗਾਹੇ ਆਪਣੀ ਹੋਂਦ ਦਰਜ ਕਰਾਈ ਹੈ।
ਅੰਤ ਵਿੱਚ ਧੰਨਵਾਦ ਕਰਨ ਦੀ ਜ਼ਿੰਮੇਵਾਰੀ ਸਹਿਯੋਗੀ ਨਿਰਦੇਸ਼ਕ ਸੱਭਿਆਚਾਰ ਡਾ ਰੁਪਿੰਦਰ ਕੌਰ ਨੇ ਨਿਭਾਈ। ਉਨ੍ਹਾਂ ਦੱਸਿਆ ਕਿ 14 ਨਵੰਬਰ ਤੋਂ ਇਸ ਯੁਵਕ ਮੇਲੇ ਦੇ ਵਡੇਰੇ ਮੁਕਾਬਲੇ ਆਰੰਭ ਹੋਣਗੇ।
ਸਮਾਰੋਹ ਦਾ ਸੰਚਾਲਨ ਡਾ ਦਿਵਿਆ ਉਤਰੇਜਾ ਨੇ ਦਿਲਕਸ਼ ਅੰਦਾਜ਼ ਚ ਕੀਤਾ।
ਇਸ ਮੌਕੇ ਹੋਰਨਾਂ ਤੋਂ ਬਿਨਾਂ ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ ਮਨਜੀਤ ਸਿੰਘ, ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ ਪ੍ਰਭਜੋਧ ਸਿੰਘ ਸੰਧੂ ਵੱਖ ਵੱਖ ਕਾਲਜਾਂ ਦੇ ਡੀ ਡੀ ਐੱਮ ਸੀ ਇੰਚਾਰਜ ਅਤੇ ਪੀ ਏ ਯੂ ਦੇ ਅਧਿਆਪਕ ਅਤੇ ਵਿਦਿਆਰਥੀ ਭਾਰੀ ਗਿਣਤੀ ਵਿਚ ਮੌਜੂਦ ਰਹੇ।
