ਲੁਧਿਆਣਾ 7 ਨਵੰਬਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਭਾਰਤੀ ਹਾਕੀ ਦੀ 100ਵੀਂ ਵਰ੍ਹੇਗੰਢ ਬੜੇ ਧੂਮਧਾਮ ਨਾਲ ਮਨਾਈ ਗਈ। ਸ. ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿਚ ਇਕ ਰਸਮੀ ਸਮਾਰੋਹ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਸ. ਬਲਦੇਵ ਸਿੰਘ, ਦਰੋਨਾਚਾਰਿਆ ਐਵਾਰਡੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਓਲੰਪਿਅਨ ਸ. ਹਰਦੀਪ ਸਿੰਘ ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸਮੇਂ ਵੱਡੀ ਗਿਣਤੀ ਵਿਚ ਯੂਨੀਵਰਸਿਟੀ ਦੇ ਸਾਬਕਾ ਅਤੇ ਅਜੋਕੇ ਖਿਡਾਰੀ ਮੌਜੂਦ ਸਨ। ਇਸ ਮੌਕੇ ਪ੍ਰਦਰਸ਼ਨੀ ਦੇ ਲਈ ਮੁੰਡਿਆਂ ਅਤੇ ਕੁੜੀਆਂ ਦੇ ਦੋ ਦਿਲਖਿਚਵੇਂ ਮੈਚ ਵੀ ਕਰਵਾਏ ਗਏ। ਇਹ ਮੈਚ ਸੁਧਾਰ ਕਾਲਜ ਅਤੇ ਮਾਲਵਾ ਅਕੈਡਮੀ (ਲੜਕੇ) ਦਰਮਿਆਨ ਕਰਵਾਇਆ ਗਿਆ। ਇਸੇ ਤਰ੍ਹਾਂ ਲੜਕੀਆਂ ਦੇ ਮੈਚ ਚਚਰਾੜੀ ਅਕੈਡਮੀ ਅਤੇ ਮੁੰਡੀਆਂ ਅਕੈਡਮੀ ਵਿਚਕਾਰ ਕਰਵਾਏ ਗਏ।
ਇਸ ਮੌਕੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦੇ ਹੋਏ ਡਾ. ਗੋਸਲ ਨੇ ਕਿਹਾ ਕਿ ਸਾਲ 1925 ਦੇ ਵਿਚ ਭਾਰਤੀ ਹਾਕੀ ਫੈਡਰੇਸ਼ਨ ਦੀ ਸਥਾਪਨਾ ਕੀਤੀ ਗਈ ਸੀ। ਭਾਰਤੀ ਹਾਕੀ ਟੀਮ ਨੇ 1928 ਵਿਚ ਪਹਿਲੀ ਵਾਰ ਓਲੰਪਿਕ ਖੇਡ ਵਿਚ ਭਾਗ ਲਿਆ ਸੀ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਦੇ ਬਣਨ ਤੋਂ ਬਾਅਦ ਇੱਥੋਂ ਦੇ ਵਿਦਿਆਰਥੀਆਂ ਦਾ ਭਾਰਤੀ ਹਾਕੀ ਖੇਡ ਦੇ ਵਿਚ ਵੱਡਮੁੱਲਾ ਯੋਗਦਾਨ ਰਿਹਾ ਹੈ। ਇਸ ਯੂਨੀਵਰਸਿਟੀ ਨੇ ਜਿੱਥੇ ਪੰਜ ਓਲੰਪੀਅਨ ਪੈਦਾ ਕੀਤੇ ਹਨ, ਉਥੇ ਹੀ ਦੋ ਯੂਨੀਵਰਸਿਟੀ ਦੇ ਵਿਦਿਆਰਥੀ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਸ. ਬਲਦੇਵ ਸਿੰਘ ਨੇ ਕਿਹਾ ਕਿ ਆਉਣ ਸਮੇਂ ਦੌਰਾਨ ਵੀ ਫੀਲਡ ਹਾਕੀ ਦਾ ਭਵਿੱਖ ਬਹੁਤ ਚੰਗਾ ਹੈ। ਉਹਨਾਂ ਆਸ ਜਤਾਈ ਕਿ ਭਵਿੱਖ ਵਿਚ ਵੀ ਭਾਰਤੀ ਹਾਕੀ ਟੀਮ ਆਪਣੇ ਦੇਸ਼ ਦਾ ਨਾਂ ਹੋਰ ਉੱਚਾ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਵਿਸ਼ਵਜੀਤ ਸਿੰਘ ਹਾਂਸ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਮੁੱਖ ਪ੍ਰਬੰਧਕ ਸ. ਅਜੈਪਾਲ ਸਿੰਘ ਪੁੰਨੀਆ, ਸ. ਤੇਜਦੀਪ ਸਿੰਘ ਭੱਲਾ, ਡਾ. ਰਮੇਸ਼ ਸਦਾਵਰਤੀ, ਸ. ਸੁਖਵੀਰ ਗਰੇਵਾਲ, ਡਾ. ਹਰਦੀਪ ਸਿੰਘ, ਡਾ. ਕਮਲਦੀਪ ਸਿੰਘ ਸੂਰੀ, ਡਾ. ਬੂਟਾ ਸਿੰਘ, ਡਾ. ਗੁਰਤੇਗ ਸਿੰਘ, ਡਾ. ਅਨਿਲ ਸ਼ਰਮਾ ਸ. ਜਸਜੀਤ ਸਿੰਘ ਹਾਕੀ ਅਤੇ ਕੋਚ ਗੁਰਤੇਗ ਸਿੰਘ ਲਾਡੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਅਤੇ ਵਿਦਿਆਰਥੀ ਮੌਜੂਦ ਸਨ।
