ਲੁਧਿਆਣਾ: ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਵਜੋਂ ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੀ.ਏ.ਯੂ. ਵਿੰਗ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ| ਸਟੂਡੈਂਟਸ ਹੋਮ ਵਿਖੇ ਕਰਵਾਏ ਗਏ ਇਸ ਸੈਮੀਨਾਰ ਵਿਚ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਅਤੇ ਉਹਨਾਂ ਦੇ ਆਦਰਸ਼ ਜੀਵਨ ਦੇ ਨਾਲ-ਨਾਲ ਸਿਖਿਆਵਾਂ ਬਾਰੇ ਵੀ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਗਈ|
ਇਸ ਸੈਮੀਨਾਰ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਆਪਣੇ ਪ੍ਰਧਾਨਗੀ ਭਾਸ਼ਣ ਵਿਚ ਉਹਨਾਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਇਕ ਮਿਸਾਲ ਵਾਂਗ ਜੀਵੇ ਅਤੇ ਇਕ ਮਿਸਾਲ ਵਾਂਗ ਹੀ ਉਹਨਾਂ ਨੇ ਦੇਸ਼ ਲਈ ਆਪਣੀ ਸ਼ਹਾਦਤ ਦਿੱਤੀ| ਉਹਨਾਂ ਕਿਹਾ ਕਿ ਸੱਭਿਆਚਾਰਕ ਅਤੇ ਰਾਸ਼ਟਰੀ ਏਕਤਾ ਲਈ ਮਿਸਾਲ ਦੇ ਰੂਪ ਵਿਚ ਗੁਰੂ ਸਾਹਿਬ ਦੇ ਜੀਵਨ ਫਲਸਫੇ ਬਾਰੇ ਆਉਂਦੀਆਂ ਪੀੜੀਆਂ ਨੂੰ ਜਾਣੂੰ ਕਰਵਾਉਣਾ ਬਹੁਤ ਜ਼ਰੂਰੀ ਹੈ| ਡਾ. ਗੋਸਲ ਨੇ ਕਿਹਾ ਕਿ ਜੀਵਨ ਦੇ ਉੱਚੇ ਆਦਰਸ਼ਾਂ ਅਤੇ ਨੈਤਿਕ ਕੀਮਤਾਂ ਨੂੰ ਸਮਰਪਿਤ ਰਹੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੈਰਾਗ ਅਤੇ ਸੂਝ ਦੇ ਬੜੇ ਵਚਿੱਤਰ ਮੁੱਲ ਵਿਧਾਨ ਦੀ ਧਾਰਨੀ ਹੈ| ਜੀਵਨ ਦੀਆਂ ਅਟੱਲ ਸੱਚਾਈਆਂ ਤੋਂ ਜਾਣੂੰ ਕਰਵਾਉਣ ਅਤੇ ਮਨੁੱਖ ਦੇ ਸਵੈ ਦੀ ਤਲਾਸ਼ ਲਈ ਇਹ ਬਾਣੀ ਸਦਾ ਸਦੀਵਤਾ ਵਾਸਤੇ ਪ੍ਰਸੰਗਿਕ ਬਣੀ ਰਹੇਗੀ| ਨਾਲ ਹੀ ਡਾ. ਗੋਸਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿਚ ਪੀ.ਏ.ਯੂ. ਵਿਖੇ ਆਉਂਦੇ ਦਿਨੀਂ ਹੋਰ ਸਮਾਗਮ ਕਰਵਾਏ ਜਾਣਗੇ|
ਸਮਾਰੋਹ ਵਿਚ ਮੁੱਖ ਬੁਲਾਰੇ ਵਜੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਸ਼ਾਮਿਲ ਹੋਏ| ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀਆਂ ਜੀਵਨ ਘਟਨਾਵਾਂ ਅਤੇ ਸਿੱਖ ਚਿੰਤਨ ਨਾਲ ਉਹਨਾਂ ਦੇ ਸੰਬੰਧਾਂ ਦੀ ਗੱਲ ਕਰਦਿਆਂ ਸਰੋਤਿਆਂ ਨੂੰ ਬੜੀਆਂ ਮੁੱਲਵਾਨ ਗੱਲਾਂ ਦੱਸੀਆਂ| ਇਸਦੇ ਨਾਲ ਹੀ ਉਹਨਾਂ ਨੇ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਹਵਾਲੇ ਦੇ ਕੇ ਉਹਨਾਂ ਦੇ ਜੀਵਨ ਫਲਸਫੇ ਨੂੰ ਸਾਂਝਾ ਕੀਤਾ ਅਤੇ ਸੱਚ ਦੇ ਰਾਹ ਤੇ ਤੁਰਨ ਦੀ ਪ੍ਰੇਰਨਾ ਵਜੋਂ ਧਾਰਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ|
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਧਰਮ ਲਈ ਕੁਰਬਾਨ ਹੋਣ ਵਾਲੇ ਦੁਨੀਆਂ ਭਰ ਦੇ ਦਾਰਸ਼ਨਿਕਾਂ ਵਿੱਚੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦਾਂ ਦੇ ਸਰਤਾਜ ਵਜੋਂ ਜਾਣੇ ਜਾਣ ਬਾਰੇ ਕਿਹਾ ਕਿ ਅਜਿਹੀ ਬੇਮਿਸਾਲ ਕੁਰਬਾਨੀ ਸੰਸਾਰ ਇਤਿਹਾਸ ਦੇ ਪੰਨਿਆਂ ਵਿਚ ਤਲਾਸ਼ ਕਰਨੀ ਬੜੀ ਔਖੀ ਹੈ| ਇਸਦੇ ਨਾਲ ਹੀ ਉਹਨਾਂ ਨੇ ਸੈਮੀਨਾਰ ਵਿਚ ਸ਼ਾਮਿਲ ਹੋਣ ਲਈ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ|
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੀ.ਏ.ਯੂ. ਯੂਨਿਟ ਦੇ ਪ੍ਰਧਾਨ ਡਾ. ਬੂਟਾ ਸਿੰਘ ਢਿੱਲੋਂ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਗੁਰੂ ਸਾਹਿਬ ਦੇ ਸ਼ਬਦ ਦਾ ਗਾਇਨ ਕੀਤਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਸਹਿਯੋਗੀ ਨਿਰਦੇਸ਼ਕ ਸੱਭਿਆਚਾਰ ਡਾ. ਰੁਪਿੰਦਰ ਤੂਰ, ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ, ਡਾ. ਵਿਸ਼ਾਲ ਬੈਕਟਰ, ਡਾ. ਗੁਰਪ੍ਰੀਤ ਸਿੰਘ ਤੂਰ, ਸ਼੍ਰੀ ਤੇਜਪ੍ਰਤਾਪ ਸਿੰਘ ਸੰੂਧ, ਡਾ. ਨੀਨਾ ਸਿੰਗਲਾ ਅਤੇ ਹੋਰ ਅਧਿਆਪਕ ਅਤੇ ਮਹਿਮਾਨ ਭਾਰੀ ਗਿਣਤੀ ਵਿਚ ਹਾਜ਼ਰ ਰਹੇ| ਸਮਾਰੋਹ ਦਾ ਸੰਚਾਲਨ ਡਾ. ਆਸ਼ੂ ਤੂਰ ਨੇ ਬੜੇ ਭਾਵਪੂਰਤ ਅੰਦਾਜ਼ ਵਿਚ ਕੀਤਾ|
